ਆਕਲੈਂਡ (NZ Punjabi News) – ਆਕਲੈਂਡ ਦੇ ਮੇਅਰ Wayne Brown ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ Christopher Luxon ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਹ “ਇੱਕ ਅਜਿਹਾ ਕੁੱ**ਤਾ ਹੈ ਜਿਸ ਦੀਆਂ ਦੋ ਪੁੱਛਾਂ ਹਿਲਾ ਰਹੀਆਂ ਹਨ,” ਜਿਸ ਨਾਲ ਇਸ਼ਾਰਾ ਮਿਲਦਾ ਹੈ ਕਿ ਉਨ੍ਹਾਂ ਕੋਲ ਆਪਣੀ ਸਰਕਾਰ ‘ਤੇ ਪੂਰਾ ਕਾਬੂ ਨਹੀਂ ਹੈ।
ਮੇਅਰ ਬ੍ਰਾਊਨ ਦੇ ਮੁਤਾਬਕ, ਸਰਕਾਰ ਦੀ ਗਠਜੋੜ ਬਣਤਰ—ਜਿੱਥੇ ਨੈਸ਼ਨਲ ਪਾਰਟੀ ਨਾਲ ਛੋਟੀਆਂ ਪਾਰਟੀਆਂ ACT ਅਤੇ ਨਿਊਜ਼ੀਲੈਂਡ ਫਰਸਟ ਜੁੜੀਆਂ ਹਨ—ਅੰਦਰੂਨੀ ਟਕਰਾਅ ਦਾ ਕਾਰਨ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਆਪਸ ਵਿੱਚ ਵੀ ਸਹਿਮਤ ਨਹੀਂ ਹੁੰਦੀਆਂ, ਜਿਸ ਨਾਲ ਫੈਸਲੇ ਲੈਣਾ ਔਖਾ ਹੋ ਜਾਂਦਾ ਹੈ।
ਮੇਅਰ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੀ ਸਰਕਾਰ ਲੰਬੇ ਸਮੇਂ ਲਈ ਠੀਕ ਤਰ੍ਹਾਂ ਨਹੀਂ ਚੱਲ ਸਕਦੀ । ਉਨ੍ਹਾਂ ਦੇ ਅਨੁਸਾਰ, ਛੋਟੀਆਂ ਪਾਰਟੀਆਂ ਅਕਸਰ ਆਪਣੇ ਏਜੰਡੇ ਦੀ ਪੂਰਤੀ ਲਈ ਗਲਤ ਪੱਖ ਲੈਂਦੀਆਂ ਹਨ।
ਵਿਦੇਸ਼ ਨੀਤੀ ‘ਤੇ ਵੀ ਬੋਲਦੇ ਹੋਏ ਬ੍ਰਾਊਨ ਨੇ ਚੇਤਾਵਨੀ ਦਿੱਤੀ ਕਿ ਨਿਊਜ਼ੀਲੈਂਡ ਨੂੰ ਚੀਨ ਅਤੇ ਭਾਰਤ ਵਰਗੇ ਵਪਾਰਕ ਸਾਥੀਆਂ ਨਾਲ ਰਿਸ਼ਤੇ ਸੰਭਾਲ ਕੇ ਰੱਖਣੇ ਚਾਹੀਦੇ ਹਨ, ਨਹੀਂ ਤਾਂ ਆਰਥਿਕ ਨੁਕਸਾਨ ਹੋ ਸਕਦਾ ਹੈ।
ਹਾਲਾਂਕਿ, ਬ੍ਰਾਊਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਖੁਦ ਰਾਸ਼ਟਰੀ ਰਾਜਨੀਤੀ ਵਿੱਚ ਜਾਣ ਦੀ ਕੋਈ ਯੋਜਨਾ ਨਹੀਂ ਰੱਖਦੇ, ਪਰ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ‘ਤੇ ਉਨ੍ਹਾਂ ਦੀ ਨਾਰਾਜ਼ਗੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ।




